Genesis 28

1ਇਸਹਾਕ ਨੇ ਯਾਕੂਬ ਨੂੰ ਬੁਲਾਇਆ ਅਤੇ ਉਸ ਨੂੰ ਬਰਕਤ ਦਿੱਤੀ ਅਤੇ ਇਹ ਆਖ ਕੇ ਉਸ ਨੂੰ ਹੁਕਮ ਦਿੱਤਾ, ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੀਂ । 2ਉੱਠ, ਪਦਨ ਅਰਾਮ ਨੂੰ ਆਪਣੇ ਨਾਨੇ ਬਥੂਏਲ ਦੇ ਘਰ ਜਾ ਅਤੇ ਉੱਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕਰ ਲਈਂ ।

3ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਬਰਕਤ ਦੇਵੇ ਅਤੇ ਤੈਨੂੰ ਫਲਵੰਤ ਬਣਾਵੇ ਅਤੇ ਤੈਨੂੰ ਵਧਾਵੇ ਅਤੇ ਤੂੰ ਬਹੁਤ ਕੌਮਾਂ ਦਾ ਦਲ ਹੋਵੇਂ । 4ਉਹ ਤੈਨੂੰ ਅਤੇ ਤੇਰੀ ਅੰਸ ਨੂੰ ਵੀ ਅਬਰਾਹਾਮ ਦੀ ਬਰਕਤ ਦੇਵੇ ਤਾਂ ਜੋ ਤੂੰ ਇਸ ਦੇਸ਼ ਨੂੰ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਹਿੰਦਾ ਹੈਂ, ਜਿਸ ਨੂੰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਸੀ, ਆਪਣੀ ਵਿਰਾਸਤ ਬਣਾ ਲਵੇਂ ।

5ਇਸਹਾਕ ਨੇ ਯਾਕੂਬ ਨੂੰ ਤੋਰ ਦਿੱਤਾ ਅਤੇ ਉਹ ਪਦਨ ਅਰਾਮ ਵਿੱਚ ਲਾਬਾਨ ਦੇ ਕੋਲ ਗਿਆ ਜਿਹੜਾ ਅਰਾਮੀ ਬਥੂਏਲ ਦਾ ਪੁੱਤਰ ਅਤੇ ਯਾਕੂਬ ਅਤੇ ਏਸਾਓ ਦੀ ਮਾਤਾ ਰਿਬਕਾਹ ਦਾ ਭਰਾ ਸੀ ।

6ਜਦ ਏਸਾਓ ਨੇ ਵੇਖਿਆ ਕਿ ਇਸਹਾਕ ਨੇ ਯਾਕੂਬ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਦਨ ਅਰਾਮ ਵਿੱਚ ਭੇਜ ਦਿੱਤਾ ਹੈ ਜੋ ਉਹ ਉੱਥੋਂ ਆਪਣੇ ਲਈ ਪਤਨੀ ਲਵੇ ਅਤੇ ਉਸ ਨੇ ਉਹ ਨੂੰ ਬਰਕਤ ਦਿੰਦੇ ਹੋਏ ਇਹ ਹੁਕਮ ਦਿੱਤਾ ਕਿ ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰੀਂ, 7ਅਤੇ ਯਾਕੂਬ ਆਪਣੇ ਮਾਤਾ-ਪਿਤਾ ਦੀ ਸੁਣ ਕੇ ਪਦਨ ਅਰਾਮ ਨੂੰ ਚਲਿਆ ਗਿਆ ।

8ਤਦ ਏਸਾਓ ਨੇ ਇਹ ਵੇਖਿਆ ਕਿ ਕਨਾਨ ਦੀਆਂ ਧੀਆਂ ਮੇਰੇ ਪਿਤਾ ਇਸਹਾਕ ਦੀਆਂ ਅੱਖਾਂ ਵਿੱਚ ਬੁਰੀਆਂ ਹਨ 9ਤਦ ਏਸਾਓ ਇਸਮਾਏਲ ਕੋਲ ਗਿਆ ਅਤੇ ਅਬਰਾਹਾਮ ਦੇ ਪੁੱਤਰ ਇਸਮਾਏਲ ਦੀ ਧੀ ਅਤੇ ਨਬਾਯੋਥ ਦੀ ਭੈਣ ਮਹਲਥ ਨੂੰ ਆਪਣੇ ਲਈ ਲੈ ਕੇ ਆਪਣੀਆਂ ਦੂਜੀਆਂ ਪਤਨੀਆਂ ਦੇ ਨਾਲ ਰਲਾ ਲਿਆ ।

10ਯਾਕੂਬ ਬਏਰਸਬਾ ਤੋਂ ਚੱਲ ਕੇ ਹਾਰਾਨ ਨੂੰ ਗਿਆ, 11ਅਤੇ ਇੱਕ ਥਾਂ ਤੇ ਪਹੁੰਚਿਆ ਅਤੇ ਉੱਥੇ ਰਾਤ ਕੱਟੀ ਕਿਉਂ ਜੋ ਸੂਰਜ ਡੁੱਬ ਗਿਆ ਸੀ ਅਤੇ ਇੱਕ ਪੱਥਰ ਉਸ ਥਾਂ ਤੋਂ ਲੈ ਕੇ ਆਪਣੇ ਸਰਹਾਣੇ ਰੱਖ ਲਿਆ ਅਤੇ ਉਸ ਥਾਂ ਲੇਟ ਗਿਆ ।

12ਤਦ ਉਸ ਨੇ ਇੱਕ ਸੁਫ਼ਨਾ ਵੇਖਿਆ ਅਤੇ ਵੇਖੋ, ਇੱਕ ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਤੇ ਉਸ ਦੀ ਚੋਟੀ ਅਕਾਸ਼ ਤੱਕ ਸੀ, ਅਤੇ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ-ਉੱਤਰਦੇ ਸਨ । 13ਵੇਖੋ, ਯਹੋਵਾਹ ਉਸ ਦੇ ਉੱਤੇ ਖੜ੍ਹਾ ਸੀ ਅਤੇ ਉਸ ਨੇ ਆਖਿਆ, ਮੈਂ ਯਹੋਵਾਹ, ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਹਾਂ । ਜਿਸ ਧਰਤੀ ਉੱਤੇ ਤੂੰ ਪਿਆ ਹੈਂ, ਇਹ ਮੈਂ ਤੈਨੂੰ ਅਤੇ ਤੇਰੀ ਅੰਸ ਨੂੰ ਦਿਆਂਗਾ ।

14ਤੇਰੀ ਅੰਸ ਧਰਤੀ ਦੀ ਧੂੜ ਦੀ ਤਰ੍ਹਾਂ ਹੋਵੇਗੀ ਅਤੇ ਤੂੰ ਪੂਰਬ-ਪੱਛਮ ਅਤੇ ਉੱਤਰ-ਦੱਖਣ ਵੱਲ ਫੁੱਟ ਨਿੱਕਲੇਂਗਾ ਅਤੇ ਤੈਥੋਂ ਅਤੇ ਤੇਰੀ ਅੰਸ ਤੋਂ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ । 15ਵੇਖ, ਮੈਂ ਤੇਰੇ ਅੰਗ-ਸੰਗ ਹਾਂ ਅਤੇ ਜਿੱਥੇ ਕਿਤੇ ਤੂੰ ਜਾਵੇਂਗਾ ਮੈਂ ਤੇਰੀ ਰਾਖੀ ਕਰਾਂਗਾ, ਅਤੇ ਤੈਨੂੰ ਫੇਰ ਇਸ ਦੇਸ਼ ਵਿੱਚ ਲੈ ਆਵਾਂਗਾ ਅਤੇ ਜਦੋਂ ਤੱਕ ਮੈਂ ਤੇਰੇ ਨਾਲ ਆਪਣਾ ਬਚਨ ਪੂਰਾ ਨਾ ਕਰਾਂ, ਤੈਨੂੰ ਨਹੀਂ ਛੱਡਾਂਗਾ ।

16ਫੇਰ ਯਾਕੂਬ ਆਪਣੀ ਨੀਂਦ ਤੋਂ ਜਾਗਿਆ ਅਤੇ ਆਖਿਆ, ਸੱਚਮੁੱਚ ਯਹੋਵਾਹ ਇਸ ਸਥਾਨ ਵਿੱਚ ਹੈ, ਪਰ ਮੈਂ ਨਹੀਂ ਜਾਣਦਾ ਸੀ । 17ਅਤੇ ਉਸ ਨੇ ਭੈ ਖਾ ਕੇ ਆਖਿਆ, ਇਹ ਸਥਾਨ ਕਿੰਨ੍ਹਾਂ ਭਿਆਨਕ ਹੈ । ਪਰਮੇਸ਼ੁਰ ਦੇ ਘਰ ਦੇ ਬਿਨ੍ਹਾਂ ਇਹ ਕੋਈ ਹੋਰ ਸਥਾਨ ਨਹੀਂ ਹੋ ਸਕਦਾ, ਸਗੋਂ ਇਹ ਤਾਂ ਸਵਰਗ ਦਾ ਫਾਟਕ ਹੈ ।

18ਯਾਕੂਬ ਸਵੇਰੇ ਉੱਠਿਆ ਅਤੇ ਉਸ ਪੱਥਰ ਨੂੰ ਲੈ ਕੇ ਜਿਹੜਾ ਉਸ ਨੇ ਸਰਹਾਣੇ ਲਈ ਰੱਖਿਆ ਸੀ, ਥੰਮ੍ਹ ਲਈ ਖੜ੍ਹਾ ਕੀਤਾ ਅਤੇ ਉਸ ਉੱਤੇ ਤੇਲ ਡੋਲ੍ਹਿਆ । 19ਉਸ ਨੇ ਉਸ ਸਥਾਨ ਦਾ ਨਾਮ ਬੈਤਏਲ ਰੱਖਿਆ, ਪਰ ਪਹਿਲਾਂ ਉਸ ਨਗਰ ਦਾ ਨਾਮ ਲੂਜ਼ ਸੀ ।

20ਯਾਕੂਬ ਨੇ ਇਹ ਆਖ ਕੇ ਸੁੱਖਣਾ ਸੁੱਖੀ, ਜੇ ਯਹੋਵਾਹ ਪਰਮੇਸ਼ੁਰ ਮੇਰੇ ਅੰਗ-ਸੰਗ ਹੋਵੇ ਅਤੇ ਇਸ ਮਾਰਗ ਵਿੱਚ ਜਿਸ ਵਿੱਚ ਮੈਂ ਤੁਰਿਆ ਜਾਂਦਾ ਹਾਂ ਮੇਰੀ ਰਾਖੀ ਕਰੇ, ਅਤੇ ਮੈਨੂੰ ਖਾਣ ਨੂੰ ਰੋਟੀ ਅਤੇ ਪਾਉਣ ਨੂੰ ਬਸਤਰ ਦੇਵੇ 21ਅਤੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਨੂੰ ਮੁੜਾਂ ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ । ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ੍ਹ ਖੜ੍ਹਾ ਕੀਤਾ ਹੈ, ਪਰਮੇਸ਼ੁਰ ਦਾ ਘਰ ਹੋਵੇਗਾ ਅਤੇ ਸਾਰੀਆਂ ਚੀਜ਼ਾਂ ਜੋ ਤੂੰ ਮੈਨੂੰ ਦੇਵੇਂਗਾ, ਉਨ੍ਹਾਂ ਦਾ ਦਸਵੰਧ ਮੈਂ ਜ਼ਰੂਰ ਹੀ ਤੈਨੂੰ ਦਿਆਂਗਾ ।

22

Copyright information for PanULB